ਬਿਜਲੀ ਮੁਲਾਜ਼ਮਾਂ ਵੱਲੋਂ 3 ਦਿਨ ਦੀਆਂ ਸਮੂਹਿਕ ਛੁੱਟੀਆਂ ਭਰਕੇ ਤਿੱਖਾ ਸੰਘਰਸ਼ ਸ਼ੁਰੂ
ਜੁਆਇੰਟ ਫੋਰਮ, ਏਕਤਾ ਮੰਚ, ਏ ਓ ਜੇ ਈ, ਗਰਿੱਡ ਤੇ ਪੈਨਸ਼ਨਰਜ ਯੂਨੀਅਨ ਵੱਲੋਂ ਕੀਤੀਆਂ ਗਈਆਂ ਗੇਟ ਰੈਲੀਆਂ
ਲੁਧਿਆਣਾ 11 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ, ਰਣ ਦਿਓ) 3 ਦਿਨ ਦੀ ਸਮੂਹਿਕ ਛੁੱਟੀ ਭਰਕੇ ਜੁਆਇੰਟ ਫੋਰਮ, ਏਕਤਾ ਮੰਚ, ਏ ਓ ਜੇ ਈ ਅਤੇ ਗਰਿੱਡ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਅੱਜ ਪੰਜਾਬ ਭਰ ਦੀਆਂ ਡਵੀਜਨਾਂ ਦੇ ਗੇਟਾਂ ਅੱਗੇ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ, ਬਿਜਲੀ ਮੰਤਰੀ, ਬਿਜਲੀ ਨਿਗਮ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ ਜਿਸ ਵਿੱਚ ਏਟਕ ਦੀ ਪੈਨਸ਼ਨਰਜ਼ ਯੂਨੀਅਨ ਨੇ ਵੀ ਭਾਗ ਲਿਆ। ਸੈਂਟਰ ਡਵੀਜ਼ਨ ਵਿੱਚ ਜੁਆਇੰਟ ਫੋਰਮ ਦੇ ਸੂਬਾਈ ਆਗੂ ਰਘਵੀਰ ਸਿੰਘ ਰਾਮਗੜ੍ਹ, ਬਿਜਲੀ ਮੁਲਾਜਮ ਏਕਤਾ ਮੰਚ ਦੇ ਰਸ਼ਪਾਲ ਸਿੰਘ ਅਤੇ ਏ ਓ ਜੇ ਈ ਦੇ ਜਗਤਾਰ ਸਿੰਘ ਦੀ ਸਾਂਝੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਕੇਵਲ ਸਿੰਘ ਬਨਵੈਤ, ਐਸੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਇੰਜ ਗੁਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ। ਸ੍ਰ ਰਘਵੀਰ ਸਿੰਘ ਰਾਮਗੜ੍ਹ, ਰਸ਼ਪਾਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ 50 ਤੋਂ ਜਿਆਦਾ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਬੀਤੀ 2 ਜੁਲਾਈ ਨੂੰ ਬਿਜਲੀ ਮੰਤਰੀ, ਸੀ ਐਮ ਡੀ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦਰਮਿਆਨ ਮੋਹਾਲੀ ਵਿਖੇ ਹੋਈ ਲੰਬੀ ਵਿਚਾਰ ਚਰਚਾ ਮੀਟਿੰਗ ਵਿੱਚ ਏਨ੍ਹਾ ਵੱਲੋਂ 25 ਮੰਗਾਂ ਨੂੰ ਬਿਲਕੁਲ ਜਾਇਜ਼ ਮੰਨਦਿਆਂ 10 ਦਿਨ ਦੇ ਅੰਦਰ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। 10 ਦਿਨ ਬੀਤਣ ਦੇ ਕਾਫੀ ਸਮਾਂ ਬਾਅਦ ਸਾਡੇ ਵੱਲੋਂ ਮੁੜ ਸੰਪਰਕ ਕਰਨ ਤੇ ਸਾਨੂੰ ਲਾਰੇ ਹੀ ਮਿਲੇ। ਰੋਸ ਵਿੱਚ ਆਏ ਬਿਜਲੀ ਮੁਲਾਜਮਾਂ ਵਲੋਂ ਸ਼ਾਂਤਮਈ ਧਰਨੇ ਮੁਜ਼ਾਹਰੇ ਕਰਨ ਤੋਂ ਇਲਾਵਾ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਕੋਠੀ ਦੇ ਬਾਹਰ ਸੂਬਾ ਪੱਧਰੀ ਵਿਸ਼ਾਲ ਧਰਨਾ ਦੇਣ ਉਪਰੰਤ ਮਾਰਚ ਕੀਤਾ ਗਿਆ ਪਰ ਉਥੇ ਵੀ ਜਦੋਂ ਸਾਡੀ ਕੋਈ ਬਾਤ ਨਹੀਂ ਪੁੱਛੀ ਗਈ। ਇਸ ਦੇ ਰੋਸ ਵਿੱਚ ਸਾਡੇ ਵੱਲੋਂ ਉਸੇ ਮੰਚ ਤੋਂ 11,12 ਅਤੇ 13 ਅਗਸਤ ਨੂੰ ਸਮੂਹਿਕ ਛੁੱਟੀਆਂ ਭਰਕੇ ਹੜਤਾਲ ਤੇ ਜਾਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਜਿਸ ਵੱਲ ਵੀ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ 3 ਦਿਨਾ ਤੋਂ ਸਿਵਾਏ ਟਾਲਮਟੋਲ ਕਰਨ ਦੇ ਕੁਝ ਨਹੀਂ ਹੋ ਰਿਹਾ। ਆਗੂਆਂ ਨੇ ਦੱਸਿਆ ਕਿ ਕੱਲ 12 ਵਜੇ ਤੋਂ ਸ਼ਾਮੀਂ 6 ਵਜੇ ਤੱਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਮੈਨੇਜਮੈਂਟ ਨਾਲ ਲੰਬੀ ਚੱਲੀ ਮੀਟਿੰਗ ਵਿੱਚ ਵਿੱਤ ਮੰਤਰੀ ਨੇ ਵੀ ਬਿਜਲੀ ਮੰਤਰੀ ਵਾਂਗ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਾਇਜ਼ ਤਾਂ ਮੰਨਿਆ ਪਰ ਕੋਈ ਵੀ ਨੋਟੀਫਿਕੇਸ਼ਨ ਜਾਰੀ ਕਰਨ ਬਾਰੇ ਨਹੀਂ ਕਿਹਾ। ਅਸੀਂ ਪੰਜਾਬ ਦੇ ਲੋਕਾਂ ਅਤੇ ਪੈਡੀ ਸੀਜ਼ਨ ਵਿਚ ਕਿਸਾਨ ਭਰਾਵਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਸੀ ਦੇਣਾ ਚਾਹੁੰਦੇ ਜਿਸ ਬਾਬਤ ਅਸੀਂ ਰਾਤੀਂ 12:30 ਵਜੇ ਤੱਕ ਮੈਨੇਜਮੈਂਟ ਦੇ ਜਵਾਬ ਦਾ ਇੰਤਜਾਰ ਕੀਤਾ। ਜਦੋਂ ਸਾਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਤਾਂ ਸਾਨੂੰ ਰਾਤੀਂ ਹੀ ਮਜਬੂਰਨ ਤਿੱਖੇ ਸੰਘਰਸ਼ ਦੀ ਕਾਲ ਦੇਣੀ ਪਈ। ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜਮਾਂ ਵਲੋਂ ਪਹਿਲਾਂ ਹੀ ਕੀਤੀ ਮਜ਼ਬੂਤ ਤਿਆਰੀ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਸਮੂਹਿਕ ਛੁੱਟੀਆਂ ਭਰਕੇ ਤਿੰਨ ਦਿਨਾ ਹੜਤਾਲ ਵਿੱਚ ਭਾਗ ਲਿਆ।
ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਫੇਰ ਵੀ ਨੋਟੀਫਿਕੇਸਨ ਜਾਰੀ ਕਰਨ ਚ ਦੇਰੀ ਕੀਤੀ ਤਾਂ ਸਮੂਹਿਕ ਛੁੱਟੀਆਂ ਦੇ ਪ੍ਰੋਗਰਾਮ ਨੂੰ ਹੋਰ ਵਧਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 15 ਅਗਸਤ ਨੂੰ ਜਿਸ ਜਗ੍ਹਾ ਉੱਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਲੋਂ ਝੰਡੇ ਲਹਿਰਾਉਣ ਦਾ ਪ੍ਰੋਗਰਾਮ ਹੈ ਉਸਦੇ ਨਜਦੀਕ ਪੈਂਦੇ ਬਿਜਲੀ ਦਫਤਰ ਦੇ ਬਾਹਰ ਕਾਲੀਆਂ ਝੰਡੀਆਂ ਲਹਿਰਾ ਕੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਝੰਡਾ ਲਹਿਰਾਉਣ ਵਾਲੇ ਮੁੱਖ ਮਹਿਮਾਨ ਸਮੇਤ ਵਿਧਾਇਕਾਂ ਤੇ ਹੋਰ ਅਹੁਦੇਦਾਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਐਸਮਾ ਲਗਾਏ ਜਾਣ ਤੇ ਸ੍ਰ ਮਹਿਦੂਦਾਂ ਨੇ ਕਿਹਾ ਕਿ ਜਿਨ੍ਹਾਂ ਮੰਗਾਂ ਨੂੰ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਜਾਇਜ ਮੰਨ ਕੇ ਉਨ੍ਹਾਂ ਦੇ ਮੀਟਿੰਗ ਆਫ ਮਿੰਟਸ ਜਾਰੀ ਹੋ ਚੁੱਕੇ ਹਨ ਉਨ੍ਹਾ ਦਾ ਨੋਟੀਫਿਕੇਸਨ ਜਾਰੀ ਕਰਵਾਉਣਾ ਕਿੱਥੋਂ ਗੈਰ ਕਾਨੂੰਨੀ ਹੈ। ਉਨ੍ਹਾਂ ਹੜਤਾਲ ਕਾਰਨ ਖ਼ਪਤਕਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਲਈ ਵੀ ਪੰਜਾਬ ਸਰਕਾਰ, ਦੋਵਾਂ ਮੰਤਰੀਆਂ ਅਤੇ ਮੈਨੇਜਮੈਂਟ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਏਨੇ ਲੰਬੇ ਸਮੇਂ ਤੋਂ ਇਹ ਕੋਈ ਕਾਰਵਾਈ ਕਿਉਂ ਨਹੀਂ ਅਮਲ ਵਿੱਚ ਲਿਆ ਪਾਏ। ਕੀ ਸੰਘਰਸ਼ ਅੱਜ ਹੀ ਸ਼ੁਰੂ ਹੋਇਆ ਹੈ ਜ਼ੋ ਇਹ ਸਾਡੇ ਉੱਤੇ ਐਸਮਾਂ ਲਗਾਉਣ ਦੀਆਂ ਧਮਕੀਆਂ ਦੇ ਰਹੇ ਹਨ। ਸ੍ਰ ਮਹਿਦੂਦਾਂ ਨੇ ਕਿਹਾ ਕਿ ਸਾਰੇ ਮੁਲਾਜਮ ਕਿਸੇ ਵੀ ਐਸਮਾਂ ਜਾਂ ਕਿਸੇ ਹੋਰ ਸਖ਼ਤ ਕਾਨੂੰਨ ਦੀ ਪ੍ਰਵਾਹ ਨਹੀਂ ਕਰਨਗੇ ਬਲਕਿ ਆਪਣੇ ਹੱਕ ਪ੍ਰਾਪਤ ਕਰਨ ਤੱਕ ਤਿੱਖੇ ਤੋਂ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੀ ਕਿਸੇ ਵੀ ਗਿੱਦੜ ਧਮਕੀ ਦੀ ਪ੍ਰਵਾਹ ਨਾ ਕਰਨ ਅਤੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਚ ਡੱਟੇ ਰਹਿਣ। ਇਸ ਮੌਕੇ ਧਰਮਿੰਦਰ, ਗੱਬਰ ਸਿੰਘ, ਜਤਪ੍ਰੀਤ ਸਿੰਘ, ਦੀਪਕ ਕੁਮਾਰ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਗਾਬਾ, ਯਤਨ ਸਿੰਘ, ਮੁਕੇਸ਼ ਕੁਮਾਰ, ਕਮਲਜੀਤ ਸਿੰਘ, ਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਵੀਰ ਸਿੰਘ, ਬਿਸ਼ਨ ਦਾਸ, ਦੀਪਕ ਕੁਮਾਰ, ਜਤਿੰਦਰ ਸਿੰਘ, ਸੁਧੀਰ ਕੁਮਾਰ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਬਲਜਿੰਦਰ ਕੁਮਾਰ, ਹਰਦੀਪ ਸਿੰਘ, ਕਿਸ਼ਨ ਸਿੰਘ, ਰਾਜ ਕੁਮਾਰ, ਮੁਨੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।


No comments
Post a Comment